ਗਉੜੀ ਛੰਤ ਮਹਲਾ ੧ ॥
ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥
ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥
ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥
ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥
ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥
ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥
ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥
ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥
ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥
ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥
ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥
ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥
ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥
ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥
ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥
ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥
ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥
ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥
ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥
ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

Sahib Singh
ਨਾਹ = ਹੇ ਨਾਥ !
    ਹੇ ਖਸਮ !
ਬਨ = ਸੰਸਾਰ = ਜੰਗਲ ।
ਮਾਹੇ = ਮਾਹਿ ਵਿਚ ।
ਧਨ = ਜੀਵ = ਇਸਤ੍ਰੀ ।
ਬਿਖਮ = ਅੌਖੀ ।
ਰੈਣਿ = ਜ਼ਿੰਦਗੀ ਦੀ ਰਾਤ ।
ਘਣੇਰੀਆ = ਬਹੁਤ ।
ਸਾਰੇ = ਸੰਭਾਲਦਾ, ਵਾਤ ਪੁੱਛਦਾ ।
ਕੁਰਲਾਏ = ਤਰਲੇ ਲੈਂਦੀ ਹੈ, ਕੂਕਦੀ ਹੈ ।
ਸਾਧਨ = ਜੀਵ = ਇਸਤ੍ਰੀ ।੧ ।
ਪਿਰਿ = ਪਿਰ ਨੇ, ਪਤੀ ਨੇ ।
ਰਸਿ = ਨਾਮ = ਰਸ ਵਿਚ ।
ਸੁਹਾਵੈ = ਸੋਭਦੀ ਹੈ ।
ਪਤਿ = ਇੱਜ਼ਤ ।
ਦੀਪਕ = ਦੀਵਾ ।
ਦੇਹ = ਸਰੀਰ ।
ਉਜਾਰੈ = ਚਾਨਣ ਕਰਦਾ ਹੈ ।
ਸਾਚਿ = ਸਦਾ = ਥਿਰ ਪ੍ਰਭੂ ਵਿਚ (ਜੁੜ ਕੇ) ।
ਰਾਵੀ = ਮਾਣੀ, ਆਪਣੇ ਨਾਲ ਮਿਲਾਈ ।
ਬਿਗਸੀ = ਖਿੜ ਪਈ, ਪ੍ਰਸੰਨ ਹੋਈ ।
ਜਾ = ਜਦੋਂ ।
ਤਾ = ਤਦੋਂ ।
ਮਨਿ = ਮਨ ਵਿਚ ।
ਭਾਣੀ = ਪਿਆਰੀ ਲੱਗੀ ।੨ ।
ਨੀਘਰੀਆ = ਬੇ = ਘਰ ।
ਮੁਠੀ = ਮੁੱਠੀ, ਲੁੱਟੀ ਗਈ ।
ਜੇਵੜੀਆ = ਫਾਹੀ ।
ਸਬਦਿ = ਸ਼ਬਦ ਦੀ ਰਾਹੀਂ ।
ਸੋ = ਉਹ ਜੀਵ ।
ਅੰਤਰ ਮਲੁ = ਅੰਦਰ ਦੀ ਮੈਲ ।
ਗਤਿ = ਉੱਚੀ ਆਤਮਕ ਅਵਸਥਾ ।
ਹਠਿ = ਹਠ ਨਾਲ ।
ਨਿਗ੍ਰਹਿ = ਇੰਦ੍ਰੀਆਂ ਨੂੰ ਰੋਕਣ ਨਾਲ ।
ਬੇਬਾਣੈ = ਜੰਗਲ ਵਿਚ ।
ਦੁਬਿਧਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ।
ਕਿ = ਕੋਣ ?
    ।੩ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਲਾਹਾ = ਲਾਭ ।
ਅਨਦਿਨੋ = ਹਰ ਰੋਜ਼ ।
ਵਖਰੁ = ਸੌਦਾ ।
ਖਿਨੁ ਖਿਨੋ = ਹਰ ਪਲ, ਹਰ ਘੜੀ ।
ਪਰਖਿ = ਪਰਖ ਕੇ ।
ਕਰਮਿ ਪੂਰੈ = ਪੂਰੀ ਬਖ਼ਸ਼ਸ਼ ਨਾਲ ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ।੪ ।
    
Sahib Singh
ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ ।
(ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ ।
ਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ ।
ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਅੌਖੀ ਗੁਜ਼ਰਦੀ ਹੈ ।
ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ ।
ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ ।
ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ, (ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ।੧ ।
ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ ?
ਹੇਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ ।
ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ ।
ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ ।
ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ ।
ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ।੨ ।
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ ।
(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ ।
ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ ।
(ਸਿਮਰਨ ਤੋਂ ਬਿਨਾ ਸਿਫ਼ਤਿ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ ।
ਹਠ ਕਰ ਕੇ ਇੰਦਿ੍ਰਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ।
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ ।
ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ।੩ ।
ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ ।
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ ।
ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ ।
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ ।
ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ ।
ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ ।
ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ।੪।੨ ।
Follow us on Twitter Facebook Tumblr Reddit Instagram Youtube