ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥
ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥
ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥
ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥
ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥

ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥
ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥
ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥
ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥
ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥
ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥

ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥
ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥
ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥

ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥
ਮਿਲਿ ਵਰੁ ਨਾਰੀ ਮੰਗਲੁ ਗਾਇਆ ॥
ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥
ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥
ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥
ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥

Sahib Singh
ਮੁੰਧ = {ਮੁÀਧਾ—ਅ ੇੋੁਨਗ ਗਰਿਲ ੳਟਟਰੳਚਟਵਿੲ ਬੇ ਹੲਰ ੇੋੁਟਹਡੁਲ ਸਮਿਪਲਚਿਟਿੇ (ਨੋਟ ੇੲਟ ੳਚਤੁੳਨਿਟੲਦ ਾਟਿਹ ਲੋਵੲ} ਜਵਾਨ ਇਸਤ੍ਰੀ ।
ਰੈਣਿ = ਰਾਤ ।
ਦੁਹੇਲੜੀ = ਦੁਖੀ, ਅੌਖੀ ।
ਸਾਧਨ = ਜੀਵ = ਇਸਤ੍ਰੀ ।
ਦੁਬਲੀ = ਕਮਜ਼ੋਰ ।
ਹਾਵੈ = ਹਹੁਕੇ ਵਿਚ ।
ਧਨ = ਜੀਵ = ਇਸਤ੍ਰੀ ।
ਥੀਈ = ਹੋ ਜਾਂਦੀ ਹੈ ।
ਕੇਵ = ਕਿਸ ਤ੍ਰਹਾਂ ?
ਲੇਖਏ = ਲੇਖੈ, ਲੇਖੇ ਵਿਚ ।
ਮੈ ਮਤ = ਸ਼ਰਾਬ ਵਿਚ ਮਸਤ ।
ਜੋਬਨਿ = ਜੁਆਨੀ ਵਿਚ ।
ਗਰਬਿ = ਗਰਬ ਨੇ, ਅਹੰਕਾਰ ਨੇ ।
ਗਾਲੀ = ਗਾਲ ਦਿੱਤਾ, ਨਾਸ ਕਰ ਦਿੱਤਾ ।
ਦੁਧਾਥਣੀ = ਇਸਤ੍ਰੀ ਦੀ ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਸੁਹਾਗ ਭਾਗ ਵਾਲੀ ਹਾਲਤ, ਪਤੀ ਦਾ ਮਿਲਾਪ ।
ਨ ਆਵਏ = ਨ ਆਵੈ, ਨਹੀਂ ਆਉਂਦੀ ।
ਮਿਲਾਈ = (ਜੇ ਗੁਰੂ) ਮਿਲਾ ਦੇਵੇ ।੧ ।
ਧਨੀ = ਖਸਮ ।
ਉਰ = ਛਾਤੀ, ਹਿਰਦਾ ।
ਨਾਹ = {ਨਾਥ} ਖਸਮ ।
ਘਰ ਵਾਸੁ = ਘਰ ਦਾ ਵਸੇਬਾ ।
ਸਾਚਿ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਵਿਚ ।
ਮਨਿ = ਮਨ ਵਿਚ ।
ਸਜਨ ਮੇਲਾ = ਸੱਜਣ ਦਾ ਮਿਲਾਪ ।
ਸੰਤੋਖਿ = ਸੰਤੋਖ ਵਿਚ ।
ਨਾਮਿ = ਨਾਮ ਦੀ ਰਾਹੀਂ ।
ਸਹਿਜ = ਆਤਮਕ ਅਡੋਲਤਾ ਵਿਚ ।
ਪਿਰੁ = ਪਤੀ = ਪ੍ਰਭੂ ।
ਰਾਵੇਹਾ = ਅਸੀ ਸਿਮਰੀਏ ।
ਲਿਖਉਗੀ = ਮੈਂ ਲਿਖਾਂਗੀ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਗੁਰਿ = ਗੁਰੂ ਨੇ ।
ਮਨਮੁਖੀ = ਆਪਣੇ ਮਨ ਦੇ ਪਿਛੇ ਤੁਰਨ ਵਾਲੀ ।
ਨਿਕਸਿ = ਨਿਕਲ ਕੇ ।
ਜਾਤਉ = ਜਾਂਦਾ, ਭਟਕਦਾ (ਮਨ) ।
ਅਸਥਿਰੁ = {Ôਿਥਰ} ਟਿਕਿਆ ਹੋਇਆ ।
ਜਾਮਿ = ਜਦੋਂ ।
ਨਉਤਨ = ਨਵੀਂ ।
ਨੇਹੁ = ਪਿਆਰ ।
ਨਵੇਲਓ = ਨਵਾਂ ।੩ ।
ਇਛ = ਇੱਛਾ, ਖ਼ਾਹਸ਼ ।
ਪੁਨੀ = ਪੁੰਨੀ, ਪੂਰੀ ਹੋ ਗਈ ।
ਜੀਉ = ਹੇ ਜੀ !
ਘਰਿ = ਹਿਰਦੇ = ਘਰ ਵਿਚ ।
ਮਿਲਿ = ਮਿਲੈ, ਜਦੋਂ ਮਿਲਦਾ ਹੈ ।
ਵਰੁ = ਖਸਮ ।
ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ ।
ਮੰਗਲੁ = ਖ਼ੁਸ਼ੀ ਦਾ ਗੀਤ ।
ਰਹਸੀ = ਪ੍ਰਸੰਨ ਹੋਈ ।
ਮਨਿ = ਮਨ ਵਿਚ ।
ਓਮਾਹਓ = ਉਮਾਹ, ਚਾਉ ।
ਰਹੰਸੇ = ਖ਼ੁਸ਼ ਹੋਏ ।
ਵਿਆਪੇ = ਦਬਾਏ ਗਏ, ਦੁਖੀ ਹੋਏ ।
ਲਾਹਓ = ਲਾਭ ।
ਕਰ = ਹੱਥ {ਬਹੁ = ਵਚਨ} ।
ਰਸਿ = ਰਸ ਵਿਚ, ਅਨੰਦ ਵਿਚ ।
ਰਲੀਆਂ = ਖ਼ੁਸ਼ੀਆਂ, ਮੌਜਾਂ ।੪ ।
    
Sahib Singh
ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ ।
ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ (ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤ੍ਰਹਾਂ (ਆਪਣੇਖਸਮ ਨੂੰ ਅੱਖੀਂ ਵੇਖੇ ।
ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ—ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ ।
ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ ।
ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ।
ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ।੧ ।
ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ ।
ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ ।
ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ ।
(ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ) ।
(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ ।
ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ ।
ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ ।
ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ ।
ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ ।
ਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ ।
ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।੨ ।
ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ ।
(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ) ।
(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ ।
(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤਿ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ ।
ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ) ।
ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ ।
ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ।
ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ ।੩ ।
ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ ।
ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ ।ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ ।
ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ ।
ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ ।
ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ ।
ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ ।
ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ।੪।੧ ।
Follow us on Twitter Facebook Tumblr Reddit Instagram Youtube