ਗਉੜੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਨਾਰਾਇਣ ਹਰਿ ਰੰਗ ਰੰਗੋ ॥
ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥

ਤਜਿ ਹਉਮੈ ਗੁਰ ਗਿਆਨ ਭਜੋ ॥
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥

ਜੋ ਦੀਸੈ ਸੋ ਸੰਗਿ ਨ ਗਇਓ ॥
ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥

ਮੋਹਨ ਨਾਮੁ ਸਦਾ ਰਵਿ ਰਹਿਓ ॥
ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥

ਹਰਿ ਸੰਤਨ ਕਰਿ ਨਮੋ ਨਮੋ ॥
ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥

ਨੈਨ ਅਲੋਵਉ ਸਾਧ ਜਨੋ ॥
ਹਿਰਦੈ ਗਾਵਹੁ ਨਾਮ ਨਿਧੋ ॥੫॥

ਕਾਮ ਕ੍ਰੋਧ ਲੋਭੁ ਮੋਹੁ ਤਜੋ ॥
ਜਨਮ ਮਰਨ ਦੁਹੁ ਤੇ ਰਹਿਓ ॥੬॥

ਦੂਖੁ ਅੰਧੇਰਾ ਘਰ ਤੇ ਮਿਟਿਓ ॥
ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥

ਜਿਨਿ ਸੇਵਿਆ ਸੋ ਪਾਰਿ ਪਰਿਓ ॥
ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥

Sahib Singh
ਰੰਗੋ = ਰੰਗਹੁ, ਰੰਗ ਚਾੜ੍ਹੋ ।੧।ਰਹਾਉ ।
ਤਜਿ = ਤਜ ਕੇ ।
ਭਜੋ = ਭਜਹੁ, ਯਾਦ ਕਰੋ ।
ਮਿਲਿ = ਮਿਲ ਕੇ ।
ਧੁਰਿ = ਪ੍ਰਭੂ ਦੀ ਦਰਗਾਹ ਤੋਂ ।
ਕਰਮ = ਬਖ਼ਸ਼ਸ਼ ।੧ ।
ਸੰਗਿ = ਨਾਲ ।
ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ।
ਲਗੇ = ਲਗਿ, ਲੱਗ ਕੇ ।
ਪਚਿ = ਖ਼ੁਆਰ ਹੋ ਕੇ ।੨ ।
ਮੋਹਨ ਨਾਮੁ = ਮੋਹਨ ਦਾ ਨਾਮ ।
ਰਵਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ ।
ਲਹਿਓ = ਲੱਭਾ ।੩।ਨਮੋ—ਨਮਸਕਾਰ ।
ਪਾਵਹਿ = ਤੂੰ ਪਾਏਂਗਾ ।
ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ।੪ ।
ਅਲੋਵਉ = ਮੈਂ ਵੇਖਦਾ ਹਾਂ, ਅਲੋਵਉਂ ।
ਨਿਧੋ = ਨਿਧਿ, ਖ਼ਜ਼ਾਨਾ ।੫ ।
ਤਜੋ = ਤਿਆਗੋ ।
ਦੁਹੁ ਤੇ = ਦੋਹਾਂ ਤੋਂ ।
ਰਹਿਓ = ਬਚ ਜਾਂਦਾ ਹੈ ।੬ ।
ਘਰਿ ਤੇ = ਹਿਰਦੇ = ਘਰ ਤੋਂ ।
ਗੁਰਿ = ਗੁਰੂ ਨੇ ।
ਦਿ੍ਰੜਾਇਓ = ਪੱਕਾ ਕਰ ਦਿੱਤਾ ।
ਦੀਪ = ਦੀਵਾ ।੭ ।
ਜਿਨਿ = ਜਿਸ (ਮਨੁੱਖ) ਨੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੮ ।
    
Sahib Singh
(ਹੇ ਭਾਈ!) ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ, ਹਰੀ-ਪਰਮਾਤਮਾ ਦੇ ਪਿਆਰ-ਰੰਗ ਵਿਚ ਆਪਣੇ ਮਨ ਨੂੰ ਰੰਗ ।੧।ਰਹਾਉ ।
(ਹੇ ਭਾਈ!) ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ ।
ਜਿਸ ਮਨੁੱਖ ਦੇ ਮੱਥੇ ਉਤੇ ਧੁਰ ਦਰਗਾਹੋਂ ਬਖ਼ਸ਼ਸ਼ ਦਾ ਲੇਖ ਲਿਖਿਆ ਜਾਂਦਾ ਹੈ, ਉਹ ਸਾਧ ਸੰਗਤਿ ਵਿਚ ਮਿਲ ਕੇ (ਹਉਮੈ ਦੂਰ ਕਰਦਾ ਹੈ ਤੇ ਹਰਿ-ਨਾਮ ਜਪਦਾ ਹੈ) ।੧ ।
(ਹੇ ਭਾਈ! ਜਗਤ ਵਿਚ ਅੱਖੀਂ) ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ, ਪਰ ਮੂਰਖ ਮਾਇਆ-ਵੇੜਿ੍ਹਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ ।੨ ।
(ਹੇ ਭਾਈ!) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਮੋਹਨ-ਪ੍ਰਭੂ ਦਾ ਨਾਮ ਪ੍ਰਾਪਤ ਕੀਤਾ ਹੈ ਜੋ ਸਦਾ ਹਰ ਥਾਂ ਵਿਆਪ ਰਿਹਾ ਹੈ ।੩ ।
(ਹੇ ਭਾਈ!) ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ, ਤੂੰ ਬੇਅੰਤ ਸੁਖ ਪਾਏਂਗਾ , ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ ।੪ ।
ਹੇ ਸਾਧ ਜਨੋ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ) ।੫ ।
(ਹੇ ਭਾਈ! ਆਪਣੇ ਮਨ ਵਿਚੋਂ) ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰੋ ।
(ਜੇਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਂਦਾ ਹੈ) ਉਹ ਜਨਮ ਅਤੇ ਮਰਨ ਦੋਹਾਂ (ਦੇ ਗੇੜ) ਤੋਂ ਬਚ ਜਾਂਦਾ ਹੈ ।੬ ।
(ਹੇ ਭਾਈ!) ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ, ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ, ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ ।੭ ।
ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।
ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ ।੮।੧।੧੩ ।
Follow us on Twitter Facebook Tumblr Reddit Instagram Youtube