ਗਉੜੀ ਮਹਲਾ ੫ ॥
ਆਦਿ ਮਧਿ ਜੋ ਅੰਤਿ ਨਿਬਾਹੈ ॥
ਸੋ ਸਾਜਨੁ ਮੇਰਾ ਮਨੁ ਚਾਹੈ ॥੧॥

ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥

ਬਿਨਸਤ ਨਾਹੀ ਛੋਡਿ ਨ ਜਾਇ ॥
ਜਹ ਪੇਖਾ ਤਹ ਰਹਿਆ ਸਮਾਇ ॥੨॥

ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥

ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥

ਮਾਇਆ ਸਿਲਕ ਕਾਟੀ ਗੋਪਾਲਿ ॥
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥

ਸਿਮਰਿ ਸਿਮਰਿ ਕਾਟੇ ਸਭਿ ਰੋਗ ॥
ਚਰਣ ਧਿਆਨ ਸਰਬ ਸੁਖ ਭੋਗ ॥੬॥

ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥

ਕਹੁ ਨਾਨਕ ਹਰਿ ਹਰਿ ਪਦੁ ਚੀਨ ॥
ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥

Sahib Singh
ਆਦਿ = ਸ਼ੁਰੂ ਵਿਚ ।
ਮਧਿ = (ਜ਼ਿੰਦਗੀ ਦੇ) ਵਿਚਕਾਰ ।
ਅੰਤਿ = (ਜੀਵਨ ਦੇ) ਅਖ਼ੀਰ ਵਿਚ ।
ਨਿਬਾਹੈ = ਸਾਥ ਦੇਂਦਾ ਹੈ ।੧ ।
ਸੰਗਿ = ਨਾਲ ।
ਦਇਆਲ = ਦਇਆ ਦਾ ਘਰ ।
ਪੁਰਖ = ਸਰਬ = ਵਿਆਪਕ ।
ਪੂਰਨ = ਸਭ ਗੁਣਾਂ ਦਾ ਮਾਲਕ ।੧।ਰਹਾਉ ।
ਛੋਡਿ = ਛੱਡ ਕੇ ।
ਜਹ = ਜਿਥੇ (ਭੀ) ।
ਪੇਖਾ = ਪੇਖਾਂ, ਮੈਂ ਵੇਖਦਾ ਹਾਂ ।
ਤਹ = ਉਥੇ (ਹੀ) ।੨ ।
ਸੁਘੜ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ ।
ਜੀਅ ਦਾਤਾ = ਜਿੰਦ ਦੇਣ ਵਾਲਾ ।੩ ।
ਅਧਾਰ = ਆਸਰਾ ।
ਕਰਿ = ਕਰ ਕੇ ।
ਰਿਦੈ = ਨਿਵਾਸਿ—ਹਿਰਦੇ ਦਾ ਨਿਵਾਸੀ ।੪।ਸਿਲਕ—ਫਾਹੀ ।
ਗੋਪਾਲਿ = ਗੋਪਾਲ ਨੇ, ਸਿ੍ਰਸ਼ਟੀ ਦੇ ਪਾਲਣਹਾਰੇ ਨੇ ।
ਨਿਹਾਲਿ = ਵੇਖ ਕੇ ।੫ ।
ਸਿਮਰ = ਸਿਮਰ ਕੇ ।
ਕਾਟੇ = ਕੱਟੇ ਜਾਂਦੇ ਹਨ ।
ਸਭਿ = ਸਾਰੇ ।੬ ।
ਨਵਤਨੁ = ਨਵਾਂ ।
ਨਿਤ = ਸਦਾ ।
ਬਾਲਾ = ਜਵਾਨ ।੭ ।
ਹਰਿ ਪਦੁ = ਪ੍ਰਭੂ = ਮਿਲਾਪ ਦਾ ਦਰਜਾ ।
ਪਦੁ = ਦਰਜਾ ।
ਕਉ = ਨੂੰ ।
ਸਰਬਸੁ = {ਸਵLÔਵ ।
ਸਵL = ਸਾਰਾ ।
Ôਵ = ਸ੍ਵ, ਧਨ} ਸਾਰਾ ਹੀ ਧਨ-ਪਦਾਰਥ, ਸਭ ਕੁਝ ।੮ ।
    
Sahib Singh
(ਹੇ ਭਾਈ!) ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ ।
ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ ।੧।ਰਹਾਉ ।
(ਹੇ ਭਾਈ!) ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ ।੧ ।
(ਹੇ ਭਾਈ!) ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ ।
ਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ।੨ ।
(ਹੇ ਭਾਈ!) ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ, ਉਹੀ ਸਾਡਾ (ਅਸਲ ਭਰਾ) ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ।੩ ।
(ਹੇ ਭਾਈ!) ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ ।
ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ।੪ ।
(ਹੇ ਭਾਈ!) ਸਿ੍ਰਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ ।
(ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ।੫ ।
(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ ।
ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ ।੬ ।
(ਹੇ ਭਾਈ!) ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ ।
ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ) ।੭ ।
ਹੇ ਨਾਨਕ! ਆਖ—ਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ ।੮।੧੧ ।
Follow us on Twitter Facebook Tumblr Reddit Instagram Youtube