ਗਉੜੀ ਮਹਲਾ ੫ ॥
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥

ਨਾਮ ਬਿਨਾ ਜੋ ਪਹਿਰੈ ਖਾਇ ॥
ਜਿਉ ਕੂਕਰੁ ਜੂਠਨ ਮਹਿ ਪਾਇ ॥੧॥

ਨਾਮ ਬਿਨਾ ਜੇਤਾ ਬਿਉਹਾਰੁ ॥
ਜਿਉ ਮਿਰਤਕ ਮਿਥਿਆ ਸੀਗਾਰੁ ॥੨॥

ਨਾਮੁ ਬਿਸਾਰਿ ਕਰੇ ਰਸ ਭੋਗ ॥
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥

ਨਾਮੁ ਤਿਆਗਿ ਕਰੇ ਅਨ ਕਾਜ ॥
ਬਿਨਸਿ ਜਾਇ ਝੂਠੇ ਸਭਿ ਪਾਜ ॥੪॥

ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥
ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥

ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥
ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥

ਲਾਖ ਅਡੰਬਰ ਬਹੁਤੁ ਬਿਸਥਾਰਾ ॥
ਨਾਮ ਬਿਨਾ ਝੂਠੇ ਪਾਸਾਰਾ ॥੭॥

ਹਰਿ ਕਾ ਨਾਮੁ ਸੋਈ ਜਨੁ ਲੇਇ ॥
ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥

Sahib Singh
ਗੋਬਿੰਦ = ਹੇ ਗੋਬਿੰਦ !
ਅਸਨੇਹੁ = {Ôਨੇਹ} ਪਿਆਰ, ਮੋਹ ।੧।ਰਹਾਉ ।
ਪਹਿਰੈ = ਪਹਿਨਦਾ ਹੈ ।
ਖਾਇ = ਖਾਂਦਾ ਹੈ ।
ਜੂਠਨ ਮਹਿ = ਜੂਠੀਆਂ ਚੀਜ਼ਾਂ ਵਿਚ ।੧ ।
ਜੇਤਾ = ਜਿਤਨਾ ਭੀ ।
ਮਿਰਤਕ = ਮੁਰਦਾ ।
ਮਿਥਿਆ = ਝੂਠਾ ।੨ ।
ਬਿਸਾਰਿ = ਵਿਸਾਰ ਕੇ ।੩ ।
ਅਨ ਕਾਜ = ਹੋਰ ਹੋਰ ਕੰੰਮ ।
ਸਭਿ = ਸਾਰੇ ।
ਪਾਜ = ਵਿਖਾਵੇ ।੪ ।
ਮਨਿ = ਮਨ ਵਿਚ ।
ਸੰਗਿ = ਨਾਲ ।
ਕੋਟਿ = ਕ੍ਰੋੜਾਂ ।
ਨਰਕਿ = ਨਰਕ ਵਿਚ ।੫ ।
ਜਿਨਿ = ਜਿਸ ਨੇ ।
ਮਨਿ = ਮਨ ਵਿਚ ।
ਜਮਪੁਰਿ = ਜਮ ਦੀ ਪੁਰੀ ਵਿਚ ।੬ ।
ਅਡੰਬਰ = ਵਿਖਾਵੇ ਦੇ ਸਾਮਾਨ ।
ਬਿਸਥਾਰਾ = ਖਿਲਾਰਾ ।੭ ।
ਲੇਇ = ਲੈਂਦਾ ਹੈ ।
ਦੇਇ = ਦੇਂਦਾ ਹੈ ।੮ ।
    
Sahib Singh
ਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ ।
(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ (ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ।੧ ।
(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ, (ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ।੨ ।
(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ ਉਸ ਨੂੰ(ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ।੩ ।
(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ, ਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ।੪ ।
(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ, ਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ।੫ ।
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ।੬ ।
(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ—ਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ।੭ ।
(ਪਰ,) ਹੇ ਨਾਨਕ! ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ।੮।੧੦ ।
Follow us on Twitter Facebook Tumblr Reddit Instagram Youtube