ਗਉੜੀ ਮਹਲਾ ੫ ॥
ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥
ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥

ਏਕ ਨਿਮਖ ਜੋ ਸਿਮਰਨ ਮਹਿ ਜੀਆ ॥
ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥

ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥
ਕਾਗ ਬਤਨ ਬਿਸਟਾ ਮਹਿ ਵਾਸ ॥੨॥

ਬਿਨੁ ਸਿਮਰਨ ਭਏ ਕੂਕਰ ਕਾਮ ॥
ਸਾਕਤ ਬੇਸੁਆ ਪੂਤ ਨਿਨਾਮ ॥੩॥

ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥
ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥

ਬਿਨੁ ਸਿਮਰਨ ਗਰਧਭ ਕੀ ਨਿਆਈ ॥
ਸਾਕਤ ਥਾਨ ਭਰਿਸਟ ਫਿਰਾਹੀ ॥੫॥

ਬਿਨੁ ਸਿਮਰਨ ਕੂਕਰ ਹਰਕਾਇਆ ॥
ਸਾਕਤ ਲੋਭੀ ਬੰਧੁ ਨ ਪਾਇਆ ॥੬॥

ਬਿਨੁ ਸਿਮਰਨ ਹੈ ਆਤਮ ਘਾਤੀ ॥
ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥

ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥
ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥

Sahib Singh
ਜੈਸੇ = ਜਿਵੇਂ ।
ਆਰਜਾਰੀ = ਉਮਰ ।
ਸਰਪ = ਸੱਪ ।
ਜੀਵਹਿ = ਜੀਊਂਦੇ ਹਨ ।
ਬਿਸਾਰੀ = ਬਿਸਾਰਿ, ਵਿਸਾਰ ਕੇ ।੧ ।
ਨਿਮਖ = {ਨਿਮੇ—} ਅੱਖ ਝਮਕਣ ਜਿਤਨਾ ਸਮਾ ।
ਜੋ = ਜੇਹੜਾ ।
ਜੀਆ = ਜੀਵਿਆ ਗਿਆ, ਗੁਜ਼ਾਰਿਆ ।
ਕੋਟਿ = ਕ੍ਰੋੜਾਂ ।
ਥਿਰੁ = ਕਾਇਮ ।
ਥੀਆ = ਹੋ ਗਿਆ ।੧।ਰਹਾਉ।ਧਿ੍ਰਗੁ—ਫਿਟਕਾਰ-ਜੋਗ ।
ਕਾਗ = ਕਾਂ ।
ਬਤਨ = ਮੂੰਹ {ਵਦਨ} ।
ਬਿਸਟਾ = ਗੰਦ, ਗੂੰਹ ।੨ ।
ਕੂਕਰ ਕਾਮ = ਕੁੱਤਿਆਂ ਦੇ ਕੰਮਾਂ ਵਾਲੇ ।
ਸਾਕਤ = ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ।
ਨਿਨਾਮ = ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ।੩ ।
ਸੀ| = ਸਿੰਗ ।
ਛਤਾਰਾ = ਛੱਤਰਾ, ਭੇਡੂ ।
ਕੂਰੁ = ਕੂੜ, ਝੂਠ ।
ਕਾਰਾ = ਕਾਲਾ ।੪ ।
ਗਰਧਭ = {ਗਦLਭ} ਖੋਤਾ ।
ਨਿਆਈ = ਵਾਂਗ ।
ਭਰਿਸਟ = ਗੰਦੇ, ਵਿਕਾਰੀ ।
ਫਿਰਾਹੀ = ਫਿਰਹਿ, ਫਿਰਦੇ ਹਨ ।੫ ।
ਹਰਕਾਇਆ = ਹਲਕਾ ਹੋਇਆ ਹੋਇਆ ।
ਬੰਧੁ = ਰੋਕ ।੬ ।
ਆਤਮਘਾਤੀ = ਆਤਮਕ ਜੀਵਨ ਦਾ ਨਾਸ ਕਰਨ ਵਾਲਾ ।
ਜਾਤੀ = ਜਾਤਿ ।੭ ।
ਗੁਰਿ = ਗੁਰੂ ਦੀ ਰਾਹੀਂ ।੮ ।
    
Sahib Singh
(ਹੇ ਭਾਈ!) ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਏ, ਉਹ, ਮਾਨੋ, ਲੱਖਾਂ ਕ੍ਰੋੜਾਂ ਦਿਨ (ਜੀਊ ਲਿਆ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ) ਸਦਾ ਲਈ ਅਡੋਲ ਹੋ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਜਿਵੇਂ ਸੱਪ ਦੀ ਉਮਰ ਹੈ (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ) ਇਸੇ ਤ੍ਰਹਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ (ਵਿਅਰਥ ਜੀਵਨ ਹੀ) ਜੀਊਂਦੇ ਹਨ (ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ) ।੧ ।
(ਹੇ ਭਾਈ!) ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ, ਜਿਵੇਂ ਕਾਂ ਦੀ ਚੁੰਝ ਗੰਦ ਵਿਚ ਹੀ ਰਹਿੰਦੀ ਹੈ, ਤਿਵੇਂ ਸਿਮਰਨ-ਹੀਨ ਮਨੁੱਖਾਂ ਦੇ ਮੂੰਹ (ਨਿੰਦਾ ਆਦਿਕ ਦੇ) ਗੰਦ ਵਿਚ ਹੀ ਰਹਿੰਦੇ ਹਨ ।੨ ।
(ਹੇ ਭਾਈ!) ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ।
ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ (ਲੋਭ ਤੇ ਕਾਮਾਦਿਕ ਵਿਚ ਫਸ ਕੇ) ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ ।੩ ।
(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ ।
ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ ।੪ ।
(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ, ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ (ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿਚ ਲੇਟ ਕੇ ਖ਼ੁਸ਼ ਹੁੰਦਾ ਹੈ) ।੫ ।
(ਹੇ ਭਾਈ!) ਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ, ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ (ਜਿਸ ਨਾਲ ਭੀ ਸੰਗ ਕਰਦੇ ਹਨ, ਉਸ ਨੂੰ ਲੋਭ ਦਾ ਹਲਕ ਚੰਬੋੜ ਦੇਂਦੇ ਹਨ) ।੬।(ਹੇ ਭਾਈ!) ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ ।੭ ।
ਹੇ ਨਾਨਕ! ਆਖ—ਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤਿ ਵਿਚ ਲਿਆ ਰਲਾਂਦਾ ਹੈ, ਤੇ ਇਸ ਤ੍ਰਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ ।੮।੭ ।
Follow us on Twitter Facebook Tumblr Reddit Instagram Youtube